ਆਰਸੀ ਤੇ ਨਵੀਆਂ ਰਚਨਾਵਾਂ

ਸੁਰਿੰਦਰ ਸੋਹਲ – ਗ਼ਜ਼ਲ – ਅੱਜ ਆਰਸੀ ਸੁਰ-ਸਾਜ਼ ਤੇ....

ਸੁਰਿੰਦਰ ਸੋਹਲ – ਗ਼ਜ਼ਲ – ਅੱਜ ਆਰਸੀ ਸੁਰ-ਸਾਜ਼ ਤੇ....
ਦੋਸਤੋ! ਅੱਜ ‘ਆਰਸੀ ਸੁਰ-ਸਾਜ਼’ ਤੇ ਨਿਊ ਯੌਰਕ, ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਲਿਖੀ, ਪੰਮੀ ਹੰਸਪਾਲ ਜੀ ਦੀ ਆਵਾਜ਼ ‘ਚ ਗਾਈ, ਬਹੁਤ ਹੀ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:

“...ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ..।.”

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਗ਼ਜ਼ਲ ਦਾ ਆਨੰਦ ਮਾਨਣ ਲਈ 'ਆਰਸੀ ਸੁਰ-ਸਾਜ਼' ਤੇ ਫੇਰੀ ਜ਼ਰੂਰ ਪਾਓ ਜੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’

Saturday, December 19, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਬੜੀ ਹੀ ਦੇਰ ਤੋਂ ਚਾਹਤ ਹੈ ਮੇਰੀ

ਸਰਿਸ਼ਟੀ ਨੂੰ ਮੈਂ ਇਕ ਦਿਨ ਸਮਝਣਾ ਹੈ।

ਮਗਰ ਇਸ ਤੋਂ ਮੈਂ ਪਹਿਲਾਂ ਆਪ ਨੂੰ ਹੀ

ਅਜੇ ਕੁਝ ਜਾਨਣਾ ਹੈ ਘੋਖਣਾ ਹੈ।

-----

ਮੈਂ ਆਪਣੇ ਆਪ ਤੋਂ ਵੱਖਰਾ ਨਹੀਂ ਹਾਂ

ਕਦੇ ਵੀ ਮੈਂ ਰਿਹਾ ਤਨਹਾ ਨਹੀਂ ਹਾਂ,

ਇਕੱਲੇਪਨ ਦਾ ਜੋ ਡਰ ਹੈ ਡਰਾਉਂਦਾ

ਅਜੇ ਮੈਂ ਨਾਲ਼ ਉਸ ਦੇ ਜੂਝਣਾ ਹੈ ।

-----

ਮੇਰੇ ਪੈਰਾਂ ਨੂੰ ਐਸਾ ਦੇ ਸਫ਼ਰ ਤੂੰ

ਜਿਦ੍ਹੇ ਵਿਚ ਮੁਸ਼ਕਿਲਾਂ ਤੇ ਖ਼ੌਫ਼ ਹੋਵੇ,

ਨਿਰੰਤਰ ਫੇਰ ਵੀ ਤੁਰਦਾ ਰਹਾਂਗਾ

ਮੈਂ ਅਪਣੇ ਹੌਸਲੇ ਨੂੰ ਪਰਖਣਾ ਹੈ।

-----

ਨਾ ਇਹਨੂੰ ਹੈ ਕਦੇ ਮਿਲ਼ਣਾ ਕੋਈ ਘਰ

ਇਹਦੀ ਕਿਸਮਤ ਚ ਨੇ ਚੱਕਰ ਹੀ ਚੱਕਰ,

ਸਫ਼ਰ ਦਾ ਨ੍ਹੇਰ ਪੌਣਾਂ ਦੇ ਪਰਾਂ ਵਿਚ

ਇਹਨੇ ਦਰ ਦਰ ਹਮੇਸ਼ਾ ਭਟਕਣਾ ਹੈ।

-----

ਤੇਰੇ ਤਕਦੇ ਹੀ ਤਕਦੇ ਟੁਕੜਿਆਂ ਵਿਚ

ਬਿਖ਼ਰ ਜਾਣਾ ਹੈ ਏਦਾਂ ਰਸਤਿਆਂ ਵਿਚ,

ਇਕੱਠੇ ਕਰਕੇ ਵੀ ਜੁੜਨਾ ਨਹੀਂ ਹੈ

ਮੈਂ ਸ਼ੀਸ਼ਾ ਹਾਂ, ਕਦੇ ਤਾਂ ਤਿੜਕਣਾ ਹੈ।

ਗਿਆਨ ਸਿੰਘ ਕੋਟਲੀ - ਨਜ਼ਮ

ਦੋਸਤੋ! 26 ਦਸੰਬਰ 2004 ਨੂੰ ਇੰਡੋਨੇਸ਼ੀਆ ਵਿਚ ਆਈ ਸੁਨਾਮੀ (ਸਮੁੰਦਰੀ ਭੁਚਾਲ ਕਾਰਨ ਉੱਠੀਆਂ ਛੱਲਾਂ) ਨੇ 11 ਦੇਸ਼ਾਂ ਵਿਚ ਅਤਿਅੰਤ ਭਿਆਨਕ ਤਬਾਹੀ ਮਚਾਈ ਸੀ ਤੇ ਲੱਖਾਂ ਜਾਨਾਂ ਇਸ ਦੇ ਕਹਿਰ ਦੀ ਭੇਟ ਚੜ੍ਹ ਗਈਆਂ ਸਨ। ਇਸ ਬਾਰੇ ਗਿਆਨ ਸਿੰਘ ਕੋਟਲੀ ਜੀ ਦੀ ਬਹੁਤ ਹੀ ਭਾਵਪੂਰਤ ਕਵਿਤਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

**********

ਸੁਨਾਮੀ ਦੀ ਯਾਦ - ਇਹ ਦਰਦ ਕਹਾਣੀ ਪਰਲੋ ਦੀ

ਨਜ਼ਮ

ਇਹ ਦਰਦ ਕਹਾਣੀ ਪਰਲੋ ਦੀ, ਇਸ ਦਾ ਪਾਰਾਵਾਰ ਨਹੀਂ ਹੈ

ਇਹ ਹੈ ਦੁੱਖੜਾ ਸ੍ਰਬਨਾਸ਼ ਦਾ, ਇਸ ਦਾ ਅੰਤ ਸ਼ੁਮਾਰ ਨਹੀਂ ਹੈ

ਏਸ ਅਫਾਤ ਦੇ ਵਹਿਣਾਂ ਅੰਦਰ, ਵਹਿ ਗਏ ਲੱਖਾਂ ਕੱਖਾਂ ਵਾਂਗੂੰ ,

ਵਹਿੰਦੀ ਵਗਦੀ ਏਸ ਤਬਾਹੀ, ਕੀਤਾ ਕੀ ਸੰਘਾਰ ਨਹੀਂ ਹੈ

-----

ਮੁਰਦੇਹਾਣੀ ਛਾਈ ਹਰ ਥਾਂ, ਸੋਗ ਦੀ ਘੋਰ ਵੀਰਾਨੀ ਅੰਦਰ,

ਕਿਹੜੇ ਥਾਂ ਦਾ ਮਲਬਾ ਜਿੱਥੇ, ਲੋਥਾਂ ਦੀ ਭਰਮਾਰ ਨਹੀਂ ਹੈ

ਵਹਿਣਾ ਵਾਂਗੂੰ ਵਹਿ ਗਏ ਸਾਰੇ, ਆਸ ਉਮੀਦਾਂ ਸੁੰਦਰ ਸੁਪਨੇ,

ਕਿਹੜਾ ਸੁਪਨਾ ਬਾਕੀ ਬਚਿਆ, ਰੋਂਦਾ ਜ਼ਾਰੋ-ਜ਼ਾਰ ਨਹੀਂ ਹੈ

-----

ਕਿਹੜੇ ਮਣਕੇ ਨਹੀਓਂ ਟੁੱਟੇ, ਕਿਹੜੇ ਮੋਤੀ ਨਹੀਓਂ ਬਿਖਰੇ,

ਕਿਹੜੀ ਮਾਲਾ ਨਹੀਓਂ ਟੁੱਟੀ, ਟੁੱਟਾ ਕਿਹੜਾ ਹਾਰ ਨਹੀਂ ਹੈ

ਉਮਰਾਂ ਜੇਡ ਲੰਮੇਰੇ ਸਦਮੇ, ਆਹਾਂ, ਢਾਹਾਂ, ਹੰਝੂ, ਹੌਅਕੇ,

ਕਿਸ ਦੇ ਸੀਨੇ ਖੁਭੀ ਏਥੇ, ਗ਼ਮ ਦੀ ਤਿੱਖੀ ਆਰ ਨਹੀਂ ਹੈ

-----

ਕਿਹੜਾ ਸਦਮਾ ਨਹੀਓਂ ਕਾਰੀ, ਕਿਹੜਾ ਦਰਦ ਅਪਾਰ ਨਹੀਂ ਹੈ,

ਕਿਸ ਦੀ ਸੋਗੀ ਸੋਚ ਤੇ ਏਥੇ, ਸਦੀਆਂ ਜਿੱਡਾ ਭਾਰ ਨਹੀਂ ਹੈ

ਕਦ ਤੱਕ ਵਹਿਣੇ ਸੋਗ ਦੇ ਹੰਝੂ, ਕਦ ਤੱਕ ਸੱਲਾਂ ਸੱਲਣਾ ਸੀਨਾ,

ਏਸ ਕਜ਼ਾ ਦੇ ਮੁੱਕਣ ਦਾ ਵੀ, ਕਿਧਰੇ ਕੋਈ ਆਸਾਰ ਨਹੀਂ ਹੈ

-----

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ ਰਾਮ,

ਕਹਿਰ ਸੁਨਾਮੀ ਏਥੇ ਕਰਨੋਂ, ਛੱਡਿਆ ਕੋਈ ਵਾਰ ਨਹੀਂ ਹੈ

ਸਾਂਭ ਸੁਆਰਨ ਬਚਦੇ ਤਿਣਕੇ, ਕਿੱਦਾਂ ਬਹੁੜੀ ਕੁੱਲ ਲੁਕਾਈ,

ਏਸ ਜਿਹਾ ਵੀ ਏਕੇ ਦਾ ਮੈਂ, ਤੱਕਿਆ ਚਮਤਕਾਰ ਨਹੀਂ ਹੈ


Friday, December 18, 2009

ਸੁਰਜੀਤ - ਨਜ਼ਮ

ਦੋਸਤੋ! ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਆਰਸੀ ਤੇ ਇਹ ਸੂਚਨਾ ਪੋਸਟ ਕੀਤੀ ਸੀ ਕਿ ਬਰੈਪਟਨ, ਕੈਨੇਡਾ ਵਸਦੀ ਲੇਖਿਕਾ ਸੁਰਜੀਤ ਜੀ ਨੂੰ ਬ੍ਰੇਨ ਹੈਮਰੇਜ ਹੋਣ ਕਰਕੇ, ਅਗਸਤ ਦੇ ਮਹੀਨੇ ਵਿਚ ਇਕ ਕਠਿਨ ਸਰਜਰੀ ਚੋਂ ਗੁਜ਼ਰਨਾ ਪਿਆ ਸੀ। ਅੱਜ ਉਹਨਾਂ ਨੇ ਸਰਜਰੀ ਤੋਂ ਬਾਅਦ ਪਹਿਲੀ ਵਾਰ ਇਕ ਨਜ਼ਮ ਲਿਖ ਕੇ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਇਸ ਨਜ਼ਮ ਨੂੰ ਸ਼ਾਮਿਲ ਕਰਦਿਆਂ, ਅਸੀਂ ਉਹਨਾਂ ਦੀ ਜਲਦ ਸਿਹਤਯਾਬੀ ਦੀ ਦੁਆ ਕਰਦੇ ਹਾਂ... ਆਮੀਨ! ਸੁਰਜੀਤ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਜੀਤ ਫ਼ਿਰ ਉਗਮੀ ਹੈ !

ਨਜ਼ਮ

ਉਂਝ ਤਾਂ ਹਰ ਪਲ

ਤਨ ਅੰਦਰ

ਕਈ ਸੈੱਲ ਜੰਮਦੇ

ਤੇ ਮਰ ਜਾਂਦੇ !

ਮਨ

ਕਈ ਖ਼ਿਆਲ ਉਗਮਦੇ

ਤੇ ਹੌਲੀ ਹੌਲੀ ਠਰ ਜਾਂਦੇ !

ਕਈ ਮੌਸਮ ਆਉਂਦੇ

ਤੇ ਨਿਕਲ ਜਾਂਦੇ

ਕਈ ਲੋਕ ਮਿਲਦੇ

ਤੇ ਵਿਛੜ ਜਾਂਦੇ

ਹਾਦਸੇ ਹੁੰਦੇ ਫ਼ਿਰ

ਵਿਸਰ ਜਾਂਦੇ !

ਕੁਛ ਇਸੇ ਤਰ੍ਹਾਂ

ਚਲਦੀ ਹੈ ਜ਼ਿੰਦਗੀ

ਹਾਸਿਆਂ ਤੇ ਹਾਵਿਆਂ

ਪਲ਼ਦੀ ਹੈ ਜ਼ਿੰਦਗੀ !

.................

ਪਰ ਕੁਛ ਹਾਦਸੇ ਹੁੰਦੇ

ਅੱਗ ਦੇ ਦਰਿਆਵਾਂ ਵਰਗੇ

ਪੀੜਾਂ ਦੀਆਂ ਝਨਾਵਾਂ ਵਰਗੇ

ਅਣਗੌਲ਼ੇ ਪਥਰੀਲੇ ਰਾਹਾਂ ਵਰਗੇ

ਆਉਂਦੇ ਤੇ ਬਸ

ਜ਼ਿੰਦਗੀ ਨਿਗਲ਼ ਜਾਂਦੇ !

ਸੋਚ ਨੂੰ ਨਿਚੋੜ ਦਿੰਦੇ ਨੇ

ਹੋਸ਼ ਨੂੰ ਕਰ ਬੇਹੋਸ਼ ਦਿੰਦੇ ਨੇ

ਹਸਤੀ ਤੁਹਾਡੀ ਬਦਲ ਜਾਂਦੇ ਨੇ

ਤੇ ਜ਼ਿੰਦਗੀ ਰੂਪੀ ਬੋਝ

ਤੁਹਾਡੇ ਲਈ ਛੱਡ ਜਾਂਦੇ !

..........

ਇੰਜ ਹੀ ਇਕ ਦਿਨ

ਕਿਸੇ ਵੀਰਾਨੇ ਰਾਹ

ਡਿਗ ਪਈ ਸੀ ਜੀਤ

ਸੱਟ ਇੰਨੀ ਲਗੀ ਕਿ

ਮਿਟ ਗਈ ਸੀ ਜੀਤ’ !

.............

ਤਨ ਵੀ ਸੀ

ਮਨ ਵੀ ਸੀ

ਪਰ ਚੇਤਨਾ ਵਿਸਰ ਗਈ ਸੀ

ਸਾਰੇ ਕੋਲ ਸਨ

ਪਰ ਕੋਲ ਕੋਈ ਨਹੀਂ ਸੀ !

ਤੇ ਫ਼ੇਰ

ਇਕ ਦਿਨ ਅਚਾਨਕ

ਅਕਾਸ਼ੋਂ ਜਿਵੇਂ

ਕੋਈ ਸੁਨੇਹਾ ਆਉਂਦੈ

ਕੰਨ ਵਿਚ ਉਸ ਸੁਹਣੇਦੀ

ਆਵਾਜ਼ ਸੁਣ

ਉਠ ਪਈ ਸੀ ਜੀਤ’ !

ਸਾਹ ਤਾਂ ਮਿਲੇ ਸਨ

ਪਰ ਬਦਲ ਗਈ ਸੀ ਜੀਤ’ !

...........

ਪੀੜ ਦਾ ਉਹ ਆਲਮ ਸੀ ਕਿ

ਜ਼ਿੰਦਗੀ ਵਿਸਰ ਗਈ ਸੀ

ਪੈਰ ਤਾਂ ਸਨ

ਪਰ ਤੁਰਨਾ ਭੁਲ ਗਈ ਸੀ !

ਹੱਥ ਸਨ

ਪਰ ਲਗਦੇ ਸਨ ਬੇਗਾਨੇ

ਸਮਝ ਆਉਂਦੇ ਸਨ ਹੁਣ -

ਅਜ ਫ਼ਰੀਦੈ ਕੁਜੜਾ ਸੈ ਕੋਹਾਂ ਥੀਓਮ ”-

ਦੇ ਮਾਇਨੇ !

ਲਗਦੇ ਸੀ ਉਸਨੂੰ

ਜ਼ਿੰਦਗੀ ਦੇ ਹਾਲਾਤ ਬਦਲੇ ਬਦਲੇ

ਸਾਰੇ ਕੰਮ ਲਗਦੇ ਸੀ ਫ਼ਜ਼ੂਲ

ਤੇ ਦੁਨੀਆ ਦੇ ਅਰਥ ਬਦਲੇ ਬਦਲੇ !

..............

ਉਹ ਜੋ ਕਦੇ

ਘਰ ਦਾ ਧੁਰਾ ਹੁੰਦੀ ਸੀ

ਅੱਜ ਬੇਕਾਰ

ਬਿਸਤਰ ਤੇ ਪੈ ਗਈ ਸੀ !

ਜ਼ਮਾਨਾ ਚਲ ਰਿਹਾ ਸੀ

-ਉਸੇ ਤਰ੍ਹਾਂ-

ਬਸ ਉਸ ਦੀ ਹਸਤੀ

ਢਹਿ ਗਈ ਸੀ !

..........

ਸਮਝ ਆਈ ਹੁਣ ਉਸਨੂੰ

ਕਿ ਇਕ ਦਮੀਹੋਣਾ ਕੀ ਹੁੰਦੈ !

ਦੁਨੀਆ ਧੋਖਾ ਕਿਵੇਂ ਹੈ !

ਸਭ ਕੁਛ ਝੂਠ ਕਿਵੇਂ ਹੈ !

ਆਦਮੀ ਕੁਦਰਤ ਹੱਥੋਂ

ਮਜਬੂਰ ਕਿਵੇਂ ਹੈ !

..........

ਹੌਲੀ ਹੌਲੀ

ਆਹਿਸਤਾ ਆਹਿਸਤਾ

ਫ਼ਿਰ ਉਗਮੀ ਹੈ ਜੀਤ’ !

ਕੋਈ ਨਵੀਂ ਸੋਚ ਲੈਕੇ

ਨਵੇਂ ਰਾਹਾਂ ਤੇ ਤੁਰਨ ਲਈ !

Thursday, December 17, 2009

ਸੁਰਿੰਦਰ ਸੋਹਲ - ਗ਼ਜ਼ਲ

ਦੋਸਤੋ! ਕੱਲ੍ਹ ਆਰਸੀ ਸੁਰ-ਸਾਜ਼ ਤੇ ਆਪਾਂ ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ, ਪੰਮੀ ਹੰਸਪਾਲ ਜੀ ਦੀ ਆਵਾਜ਼ ਚ ਗਾਈ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਸੀ। ਇਸ ਗ਼ਜ਼ਲ ਨੂੰ ਸੁਣ ਕੇ ਯੂ.ਕੇ. ਵਸਦੇ ਲੇਖਕ ਸੰਤੋਖ ਧਾਲੀਵਾਲ ਜੀ ਨੇ ਮੈਨੂੰ ਤਿੰਨ-ਚਾਰ ਈਮੇਲਾਂ ਕੀਤੀਆਂ। ਉਹਨੇ ਗ਼ਜ਼ਲ ਨੂੰ ਵਾਰ-ਵਾਰ ਸੁਣਿਆ ਤੇ ਬਹੁਤ ਜ਼ਿਆਦਾ ਭਾਵੁਕ ਹੋ ਗਏ। ਮੈਂ ਸ਼ੁਕਰਗੁਜ਼ਾਰ ਹਾਂ ਕਿ ਆਰਸੀ ਦੀ ਇਹ ਕੋਸ਼ਿਸ਼ ਚੰਗਾ ਸੁਣਨ ਵਾਲ਼ਿਆਂ ਵੱਲੋਂ ਸਰਾਹੀ ਜਾ ਰਹੀ ਹੈ, ਨਹੀਂ ਤਾਂ ਗਾਇਕੀ ਦਾ ਜੋ ਹਾਲ ਹੈ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਮਾੜਾ ਲਿਖਣ ਵਾਲ਼ਿਆਂ ਨੂੰ ਇਸ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਮੈਂ ਧਾਲੀਵਾਲ ਸਾਹਿਬ ਨਾਲ਼ ਵਾਅਦਾ ਕੀਤਾ ਸੀ ਕਿ ਪੂਰੀ ਗ਼ਜ਼ਲ ਅੱਜ ਆਰਸੀ ਤੇ ਪੋਸਟ ਕਰੂੰਗੀ। ਸੋਹਲ ਸਾਹਿਬ ਨੂੰ ਕਰੁਣਾ-ਰਸ ਨਾਲ਼ ਸ਼ਿੰਗਾਰੀ ਏਨੀ ਖ਼ੂਬਸੂਰਤ ਗ਼ਜ਼ਲ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਨਾਲ਼ ਹੀ ਹੰਸਪਾਲ ਜੀ ਨੂੰ ਇਸ ਗ਼ਜ਼ਲ ਨੂੰ ਆਪਣੀ ਖ਼ੂਬਸੂਰਤ ਆਵਾਜ਼ ਦੇਣ ਲਈ ਵੀ ਬਹੁਤ-ਬਹੁਤ ਵਧਾਈ। ਇਹ ਗ਼ਜ਼ਲ ਉਹਨਾਂ ਦੇ 2002 ਚ ਕੁਕਨੂਸ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਡਰ, ਖ਼ਾਮੋਸ਼ੀ ਤੇ ਰਾਤ ਵਿਚੋਂ ਲਈ ਗਈ ਹੈ।

ਅਦਬ ਸਹਿਤ

ਤਨਦੀਪ ਤਮੰਨਾ

********

ਜਨਾਬ ਸੰਤੋਖ ਧਾਲੀਵਾਲ ਜੀ ਦੇ ਨਾਂ....

ਗ਼ਜ਼ਲ

ਧੁੱਪ ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।

ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ।

-----

ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ਤ੍ਰਿਪਤਾ ਦੀ ਝਲਕ,

ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।

-----

ਪੀਂਘ ਸੰਧੂਰੀ ਉਦ੍ਹੇ ਵਾਲ਼ਾਂ ਚ ਨਾ ਆਈ ਨਜ਼ਰ,

ਉਸ ਦੀਆਂ ਬਾਹਾਂ ਚ ਛਣ-ਛਣ ਨਾ ਮਿਲ਼ੀ, ਮੈਂ ਰੋ ਪਿਆ।

-----

ਸੀ ਉਦ੍ਹੇ ਨੈਣਾਂ ਚ ਚਿੰਤਾ, ਝੋਰਿਆਂ ਦਾ ਮੋਤੀਆ,

ਉਸ ਦੇ ਮੁਖ ਤੇ ਸਦਮਿਆਂ ਦੀ ਛਾਂ ਮਿਲ਼ੀ, ਮੈਂ ਰੋ ਪਿਆ।

-----

ਜੋ ਕਦੇ ਮੁਸਕਾਨ ਦੇ ਫੁੱਲਾਂ ਦੀ ਵਾਦੀ ਵਾਂਗ ਸਨ,

ਹੁਣ ਉਨ੍ਹਾਂ ਬੁੱਲ੍ਹਾਂ ਤੇ ਜਦ ਚੁਪ-ਚਾਂ ਮਿਲ਼ੀ, ਮੈਂ ਰੋ ਪਿਆ।

-----

ਹੁਣ ਨਹੀਂ ਬਚਦਾ, ਸਮਝਕੇ, ਹਸ ਪਿਆ ਕਰਮਾਂ ਤੇ ਮੈਂ,

ਡੁਬ ਰਹੇ ਨੂੰ ਆਸਰੇ ਦੀ ਬਾਂਹ ਮਿਲ਼ੀ, ਮੈਂ ਰੋ ਪਿਆ।

-----

ਭੋਗਦਾ ਬੇਗਾਨਗੀ ਪੱਥਰ ਜਿਹਾ ਸਾਂ ਹੋ ਗਿਆ,

ਅਜਨਬੀ ਰਾਹਾਂ ਚ ਮੇਰੀ ਮਾਂ ਮਿਲ਼ੀ, ਮੈਂ ਰੋ ਪਿਆ।

******

ਤ੍ਰਿਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ।


ਜਗਜੀਤ ਸੰਧੂ - ਗੀਤ

ਦੋਸਤੋ! ਅੱਜ ਬੜੀ ਦੇਰ ਬਾਅਦ ਜਗਜੀਤ ਸੰਧੂ ਜੀ ਨੇ ਇੱਕ ਬੇਹੱਦ ਖ਼ੂਬਸੂਰਤ ਗੀਤ ਨਾਲ਼ ਹਾਜ਼ਰੀ ਲਵਾਈ ਹੈ। ਕੁਝ ਮਹੀਨੇ ਪਹਿਲਾਂ ਜਦੋਂ ਉਹਨਾਂ ਫ਼ੋਨ ਤੇ ਦੱਸਿਆ ਕਿ ਤਨਦੀਪ ਮੈਂ ਗੀਤ ਵੀ ਲਿਖਦਾ ਹੁੰਦਾ ਸੀ, ਤਾਂ ਮੈਨੂੰ ਬਿਲਕੁਲ ਯਕੀਨ ਨਾ ਆਇਆ। ਜਦ ਉਹਨਾਂ ਨੇ ਆਪਣੇ ਕਾਲਜ ਸਮੇਂ ਦਾ ਲਿਖਿਆ ਇਕ ਗੀਤ ਸੁਣਾਇਆ ਤਾਂ ਮੈਂ ਬੜੀ ਹੈਰਾਨ ਹੋਈ ਕਿ ਏਨਾ ਗੰਭੀਰ ਰਹਿਣ ਵਾਲ਼ੇ ਸ਼ਖ਼ਸ ਨੇ ਇਹ ਗੀਤ ਵੀ ਲਿਖਿਆ ਹੋਊ? ਉਹ ਗੀਤ ਐਗਰੀਕਲਚਰ ਯੂਨੀਵਰਸਿਟੀ ਦੇ ਮੁੱਛ-ਫ਼ੁੱਟ ਕਾਲਜੀਏਟ ਦੇ ਜਜ਼ਬਾਤ ਦੀ ਸੱਚੀ ਤਰਜਮਾਨੀ ਕਰਦਾ ਸੀ।
----
ਪਰ ਅੱਜ ਜਿਹੜਾ ਗੀਤ ਉਹਨਾਂ ਨੇ ਆਰਸੀ ਲਈ ਭੇਜਿਆ ਹੈ, ਮੈਂ ਅਨੇਕਾਂ ਵਾਰ ਪੜ੍ਹਿਆ ਤੇ ਮਾਣਿਆ ਹੈ। ਲੱਚਰ ਗੀਤ ਲਿਖਣ ਵਾਲ਼ੇ ਅਜਿਹੇ ਸਾਹਿਤਕ ਗੀਤਾਂ ਤੋਂ ਕੁਝ ਸਿੱਖਣ ਨਾ ਸਿੱਖਣ, ਪਰ ਏਨਾ ਜ਼ਰੂਰ ਹੈ ਕਿ ਆਰਸੀ ਤੇ ਪੋਸਟ ਹੋਣ ਤੋਂ ਬਾਅਦ ਕਿਸੇ ਨਾ ਕਿਸੇ ਨੇ ਗੀਤ ਦਾ ਮੁੱਖੜਾ ਚੋਰੀ ਕਰਕੇ, ਦੂਜੇ ਦਿਨ ਤੱਕ ਰਿਕਾਰਡ ਜ਼ਰੂਰ ਕਰਵਾਇਆ ਹੋਣੈਂ। ਵਾਅਦਾ ਗ਼ਜ਼ਲ ਦਾ ਸੀ, ਪਰ ਏਨਾ ਖ਼ੂਬਸੂਰਤ ਗੀਤ ਘੱਲਿਆ ਹੈ ਕਿ ਹੁਣ ਸ਼ਿਕਾਇਤ ਦੀ ਗੁੰਜਾਇਸ਼ ਨਹੀਂ ਰਹੀ। ਬਹੁਤ-ਬਹੁਤ ਸ਼ੁਕਰੀਆ ਜਗਜੀਤ ਜੀ, ਇਹ ਗੀਤ ਮੇਰੇ ਮਨ-ਪਸੰਦੀਦਾ ਗੀਤਾਂ ਚ ਸ਼ਾਮਿਲ ਹੋ ਗਿਆ ਹੈ...ਢੇਰ ਸਾਰੀਆਂ ਮੁਬਾਰਕਾਂ! ਤੁਹਾਡੀ ਕਿਤਾਬ ਦੀ ਵੀ ਬੇਸਬਰੀ ਨਾਲ਼ ਉਡੀਕ ਹੈ। ਚੰਗਾ ਸਾਹਿਤ ਛਪਣਾ ਤੇ ਪਾਠਕਾਂ ਤੱਕ ਪਹੁੰਚਣਾ ਚਾਹੀਦਾ ਹੈ। ਉਮੀਦ ਹੈ ਐਤਕੀਂ ਕਿਤਾਬ ਦਾ ਖਰੜਾ ਇੰਡੀਆ ਲਿਜਾ ਕੇ ਉਵੇਂ ਹੀ ਵਾਪਿਸ ਨਹੀਂ ਲੈ ਆਉਂਗੇ :)

ਅਦਬ ਸਹਿਤ

ਤਨਦੀਪ ਤਮੰਨਾ

*********

ਗੀਤ

ਹੋਈ ਸੂਹੀ ਸੂਹੀ ਸ਼ਾਮ ਤੇਰੇ ਖ਼ਾਬ ਔਣਗੇ।

ਨੀ ਮੇਰੀ ਕਲਮੋਂ ਕਲਾਮ ਬੇ-ਹਿਸਾਬ ਔਣਗੇ।

-----

ਮੇਰੇ ਨੈਣਾਂ ਨੂੰ ਸਲੂਣਾ ਜਿਹਾ ਆਬ ਮੋੜ ਦਈਂ।

ਨੀਂਦ ਰੱਖ ਲਈਂ ਤੂੰ ਚਾਹੇ ਮੇਰੇ ਖ਼ਾਬ ਮੋੜ ਦਈਂ।

ਇਹਨਾਂ ਖ਼ਾਬਾਂ ਚੋਂ ਸੁਆਲਾਂ ਦੇ ਜੁਆਬ ਔਣਗੇ।

ਨੀ ਹੋਈ ਸੂਹੀ ਸੂਹੀ ਸ਼ਾਮ

-----

ਐਵੇਂ ਹੋਈਂ ਨਾ ਖੁਆਰ ਪਰਛਾਵਿਆਂ ਦੇ ਪਿੱਛੇ।

ਬੜਾ ਕੋਹਝ ਹੁੰਦੈ ਸੁਹਣੇ ਸਿਰਨਾਵਿਆਂ ਦੇ ਪਿੱਛੇ।

ਸੱਪ ਬੁੱਕਲ਼ੀਂ ਲੁਕਾ ਕੇ ਤੇ ਗੁਲਾਬ ਔਣਗੇ।

ਨੀ ਹੋਈ ਸੂਹੀ ਸੂਹੀ ਸ਼ਾਮ

-----

ਮੇਰਾ ਜੋੜਾ ਘਸ ਜਾਵੇ ਹੋਵੇ ਰਾਹੀਂ ਰੋੜੀਆਂ ਵੀ ਹੋਣ।

ਕਦੀ ਸਾਫ਼ ਸਾਫ਼ ਮੱਥੇ ਤੇ ਤਿਉੜੀਆਂ ਵੀ ਹੋਣ।

ਅੱਜ ਜੱਨਤ ਤਾਂ ਭਲ਼ਕੇ ਅਜ਼ਾਬ ਔਣਗੇ।

ਹੋਈ ਸੂਹੀ ਸੂਹੀ ਸ਼ਾਮ

Wednesday, December 16, 2009

ਮੋਹਨ ਸਿੰਘ ਮੋਹਨ - ਗੀਤ

ਸਾਹਿਤਕ ਨਾਮ: ਮੋਹਨ ਸਿੰਘ ਮੋਹਨ

ਅਜੋਕਾ ਨਿਵਾਸ: 1980 ਤੋਂ ਸਰੀ, ਕੈਨੇਡਾ।

ਕਿਤਾਬਾਂ: ਤਿੰਨ ਕਾਵਿ-ਸੰਗ੍ਰਹਿ: ਸੁੱਕੇ ਸਾਗਰ, ਸੁਰਖ਼ ਰੌਸ਼ਨੀ ਅਤੇ ਚਿਣਗਾਂ ਪ੍ਰਕਾਸ਼ਿਤ ਹੋ ਚੁੱਕੇ ਹਨ।

ਇਨਾਮ-ਸਨਮਾਨ: 2007 ਚ ਵੈਨਕੂਵਰ ਦੇ ਮੇਅਰ ਵੱਲੋਂ ਕਲਚਰਲ ਹਾਰਮੋਨੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

-----

ਦੋਸਤੋ! ਕੁਝ ਦਿਨ ਪਹਿਲਾਂ ਡੈਡੀ ਜੀ ਬਾਦਲ ਸਾਹਿਬ ਨੇ ਸਰੀ, ਕੈਨੇਡਾ ਵਸਦੇ ਲੇਖਕ ਮੋਹਨ ਸਿੰਘ ਮੋਹਨ ਜੀ ਦੀ ਕਿਤਾਬ ਪੜ੍ਹਨ ਲਈ ਦਿੱਤੀ। ਮੋਹਨ ਜੀ ਨੇ ਮੁੱਖ ਤੌਰ ਤੇ ਹਾਸ-ਰਸ ਹੀ ਲਿਖਿਆ ਹੈ। ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਅੱਜ ਆਪਾਂ ਉਹਨਾਂ ਦੇ ਕਾਵਿ-ਸੰਗ੍ਰਹਿ ਚਿਣਗਾਂ ਚੋਂ ਉਹਨਾਂ ਦੀਆਂ ਕੁਝ ਖ਼ੂਬਸੂਰਤ ਗੀਤ ਸ਼ਾਮਿਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਗਰੀਕ ਦੇ ਸਮੁੰਦਰ

ਗੀਤ

(ਉਹਨਾਂ ਮਾਵਾਂ ਲਈ ਜਿਨ੍ਹਾਂ ਦੇ ਪੁੱਤਾਂ ਨੇ ਰੋਟੀ ਬਦਲੇ ਘਰ ਛੱਡਿਆ, ਸਮੁੰਦਰਾਂ, ਥਲ਼ਾਂ, ਚਾਨਣ ਤੇ ਹਨੇਰਿਆਂ ਵਿਚ ਗੁਆਚ ਗਏ)

ਮੁੜਿਆ ਨਹੀਂ ਘਰ ਪੁੱਤ ਵੇ ਲੋਕੋ, ਚੁਗ ਲਈ ਜਿੰਦ ਪਰਦੇਸਾਂ ਨੇ।

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ ਲੇਖਾਂ ਨੇ।

-----

ਕਹਿਣ ਸਿਆਣੇ ਅੱਧੀ ਚੰਗੀ, ਗ਼ੈਰਾਂ ਦੀ ਇਸ ਪੂਰੀ ਤੋਂ,

ਰੁੱਖੀ ਮਿੱਸੀ ਘਰ ਦੀ ਚੰਗੀ, ਚੂਚਕ ਜਿਹਾਂ ਦੇ ਚੂਰੀ ਤੋਂ।

ਜੋ ਨਿੱਘ ਮਾਂ ਦੀ ਨਜ਼ਰਾਂ ਥੱਲੇ, ਨਹੀਂ ਦੇਣਾ ਭੂਰੇ ਵੇਸਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

-----

ਪੁੱਤ ਸਾਹਮਣੇ ਮਾਂ ਦੇ ਹੋਵੇ, ਸੀਨੇ ਵਿਚ ਠੰਡ ਪੈਂਦੀ ਏ,

ਸੱਤ ਸਮੁੰਦਰੋਂ ਪਾਰ ਗਏ ਦੀ, ਤਾਂਘ ਹਮੇਸ਼ਾ ਰਹਿੰਦੀ ਏ।

ਪਾਈਆਂ ਚਿੱਠੀਆਂ ਸੱਲ ਗ਼ਮਾਂ ਦੇ, ਲਾਉਂਦੇ ਵੱਡੀਆਂ ਠੇਸਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

-----

ਕੌਣ ਡੰਗੋਰੀ ਫੜੂ ਵੇ ਬੱਚਾ, ਕੀਹਨੇ ਦਰਦ ਵੰਡਾਉਣੇ ਨੇ,

ਦੁੱਖ ਪਹਾੜਾਂ ਜਿੱਡੇ ਪੁੱਤਰਾ, ਸਾਡੀ ਜਿੰਦ ਹੰਢਾਉਣੇ ਨੇ।

ਚਾੜ੍ਹ ਸਲੀਬਾਂ ਉੱਤੇ ਦਿੱਤਾ, ਇਸ ਕਿਸਮਤ ਦੀਆਂ ਰੇਖਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

-----

ਉਹਦੇ ਹੀ ਇਹ ਮਾਲ ਖ਼ਜ਼ਾਨੇ, ਬੰਦਾ ਕਿਉਂ ਭੁੱਲ ਜਾਂਦਾ ਏ,

ਵੱਡੀ ਸਮਝੇ ਅਕਲ ਅਪਣੀ, ਤਾਂ ਹੀ ਚੱਕਰ ਖਾਂਦਾ ਏ।

ਮੋਹਨ ਕਰਮਾਂ ਮਾਰੇ ਤਾਈਂ, ਮਾਰਨ ਦੁੱਖ ਹਮੇਸ਼ਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

=====

ਝੜੇ ਫੁੱਲ

ਗੀਤ

ਫੁੱਲ ਝੜ ਗਏ ਨੇ ਕੰਡੇ ਪੱਲੇ ਰਹਿ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

------

ਲੁਟਾਈਆਂ ਜਿਨ੍ਹਾਂ ਵਾਸਤੇ ਤੂੰ ਸਦਾ ਖ਼ੁਸ਼ਬੋਆਂ ਵੇ,

ਧੁਖ਼ਦਾ ਏ ਦਿਲ ਅੱਜ ਨਿਕਲ਼ੇ ਨਾ ਧੂੰਆਂ ਵੇ ।

ਤੋਪੇ ਟੁੱਟਿਆਂ ਦਿਲਾਂ ਨੂੰ ਲੌਣੇ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

-----

ਤਿੱਖੀ ਸੂਈ ਵਿਨ੍ਹਿਆ ਤੇ ਚੋਭਾਂ ਵੀ ਸਹਾਰੀਆਂ,

ਸਿਹਰਿਆਂ ਦੇ ਵਿਚ ਨਾ ਜੁਆਨੀਆਂ ਸ਼ਿੰਗਾਰੀਆਂ ।

ਬੋਲ ਫੇਰ ਵੀ ਸ਼ਰੀਕਾਂ ਵਾਲ਼ੇ ਸਹਿਣੇ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

-----

ਅੜਿਆ ਤੂੰ ਰੋਂਦਾ ਕਾਹਨੂੰ ਹੋ ਕੇ ਗੰਭੀਰ ਵੇ,

ਖ਼ੌਰੇ ਕਿਹੜੀ ਕਾਨੀ ਫੜ ਲਿਖੀ ਤਕ਼ਦੀਰ ਵੇ ।

ਕੀਤੇ ਰੱਬ ਨਾਲ਼ ਕੌਲ ਵੀ ਨਿਭਾਉਣੇ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

-----

ਪੱਤਿਆਂ ਦੇ ਪਿੱਛੇ ਐਵੇਂ ਅੱਥਰੂ ਨਾ ਸੁੱਟ ਵੇ,

ਪੱਲੇ ਨਹੀਓਂ ਰਹਿੰਦਾ ਕੁਝ ਪੈਂਦੀ ਜਦੋਂ ਲੁੱਟ ਵੇ।

ਮੋਹਨ ਛੱਟਿਆ, ਛੱਜਾਂ ਦੇ ਵੱਸ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

Tuesday, December 15, 2009

ਸ਼ਹਰਯਾਰ - ਉਰਦੂ ਰੰਗ

ਗ਼ਜ਼ਲ

ਯੇ ਹਕ਼ੀਕ਼ਤ ਹੈ ਮਗਰ ਫ਼ਿਰ ਭੀ ਯਕੀਂ ਆਤਾ ਨਹੀਂ।

ਦਿਲ ਮੇਰਾ ਅਬ ਭੀ ਧੜਕਤਾ ਹੈ ਪੇ ਘਬਰਾਤਾ ਨਹੀਂ।

-----

ਰੂਹ ਕੇ ਬਾਰੇ-ਗਰਾਂ 1 ਪਰ ਨਾਜ਼ ਕਰਤੇ ਹੈਂ ਸਭੀ,

ਬੋਝ ਅਪਨੇ ਜਿਸਮ ਕਾ ਕੋਈ ਉਠਾ ਪਾਤਾ ਨਹੀਂ।

-----

ਸੁਰਖ਼ ਫ਼ੂਲੋਂ ਸੇ ਜਮੀਂ ਕੋ ਢਕ ਗਈ ਕਿਸਦੀ ਸਦਾ,

ਸਬਕੀ ਆਂਖੇਂ ਪੂਛਤੀ ਹੈਂ, ਕੋਈ ਬਤਲਾਤਾ ਨਹੀਂ।

-----

ਕ਼ੁਰਬ 2 ਕਾ ਸ਼ੱਫ਼ਾਕ਼ 3 ਆਈਨਾ ਮੇਰਾ ਹਮਰਾਜ਼ ਹੈ,

ਦੂਰੀਓਂ ਕੀ ਧੁੰਧ ਸੇ ਆਂਖੋਂ ਕਾ ਕੁਛ ਨਾਤਾ ਨਹੀਂ।

-----

ਨੀਂਦ ਕੀ ਸ਼ਬਨਮ 4 ਸੇ ਮੈਂ ਭੀ ਤਰ, ਮੇਰਾ ਸਾਯਾ ਭੀ ਤਰ,

ਆਂਸੂਓਂ ਕਾ ਸੈਲ 5 ਮੇਰੀ ਸਿਮਤ ਅਬ ਆਤਾ ਨਹੀਂ।

******

ਔਖੇ ਸ਼ਬਦਾਂ ਦੇ ਅਰਥ - ਬਾਰੇ-ਗਰਾਂ 1 ਭਾਰੀ ਬੋਝ, ਕ਼ੁਰਬ 2 - ਨੇੜਤਾ, ਸ਼ੱਫ਼ਾਕ਼ 3 ਪਾਰਦਰਸ਼ੀ, ਸ਼ਬਨਮ 4 ਤ੍ਰੇਲ, ਸੈਲ 5 ਹੜ੍ਹ, ਪ੍ਰਵਾਹ

*******

ਗ਼ਜ਼ਲ ਮੂਲ ਉਰਦੂ/ਹਿੰਦੀ ਤੋਂ ਪੰਜਾਬੀ ਲਿਪੀਅੰਤਰ: - ਤਨਦੀਪ ਤਮੰਨਾ

Monday, December 14, 2009

ਜਸਬੀਰ ਮਾਹਲ - ਨਜ਼ਮ

ਅਜੋਕਾ ਗਲ਼ੀ-ਗੁਆਂਢ

ਨਜ਼ਮ

ਸੰਪਰਕ ਕਾਪੀ ਦੇ ਪੰਨੇ ਪਲਟਦਿਆਂ

ਬਦਲੇ ਪਤੇ ਤੇ ਫ਼ੋਨ ਨੰਬਰ ਵਿੰਹਦਿਆਂ

ਕਿੰਨੇ ਸਵਾਲ ਜ਼ਿਹਨ ਵਿਚ

ਉੱਠ ਉੱਠ ਖਲੋਣ

..........

ਕਿੱਥੇ ਗਿਆ ਪੁਰਖਿਆਂ ਦਾ ਘਰ

ਕਿਹੋ-ਜਿਹੇ ਬਣਨਗੇ ਹੁਣ ਰਿਸ਼ਤੇ

ਕਿਹੋ ਜਿਹਾ ਹੋਊ ਗਲ਼ੀ-ਗੁਆਂਢ

ਵੀਹੀ ਵਿਹੜਿਆਂ ਨਾਲ਼

ਕਿੰਝ ਦਾ ਹੋਊ ਮੋਹ...?

..........

ਕੀ ਹੁਣ ਹਵਾ ਚ ਰਲ਼ੀ ਮੁਸ਼ਕ ਤੋਂ

ਮਿਲ਼ਿਆ ਕਰੂ

ਗੁਆਂਢੀ ਦੇ ਮਰ ਜਾਣ ਦੀ ਕਨਸੋਅ...??

=====

ਟੱਬਰ

ਨਜ਼ਮ

ਟੱਬਰ

ਆਦਮੀ ਦੇ ਪੈਰਾਂ ਚ ਪਾਏ ਬੇੜੀ

ਹੱਥਾਂ ਚ ਹੱਥਕੜੀ

ਤੇ ਮੂੰਹ ਨੂੰ ਲਗਾਮ ਦੇਵੇ ਟੱਬਰ

............

ਮੋਹ ਦੀ ਵਲਗਣ ਚ ਵਲ਼ ਕੇ

ਬੰਦੇ ਨੂੰ ਬਿਸਕੁਟ ਵਾਂਗ ਤੋੜੇ

ਛੱਲੀ ਵਾਂਗ ਭੋਰੇ

ਤੇ ਹੌਲ਼ੀ-ਹੌਲ਼ੀ ਭਸਮ ਕਰੇ

ਮਨੁੱਖ ਦੀ ਸੱਤਿਆ

...........

ਟੱਬਰ

ਨੂੜ ਕੇ ਹੱਥ ਪੈਰ

ਯੁੱਧ ਚ ਘੱਲੇ ਆਦਮੀ ਨੂੰ

ਜਿੱਥੇ ਹਰ ਪਲ ਬੰਦਾ

ਤਿਲ਼ ਤਿਲ਼ ਮਰਦਾ, ਜਿਉਂਦਾ

ਮੁੜ ਮਿਲ਼ਣ ਲਈ

ਟੱਬਰ ਆਪਣੇ ਨੂੰ।

ਕੁਲਜੀਤ ਕੌਰ ਗ਼ਜ਼ਲ - ਗ਼ਜ਼ਲ

ਗ਼ਜ਼ਲ

ਬੜੀ ਉਮੀਦ ਲੈ ਕੇ ਮੈਂ ਤੇਰੇ ਬੂਹੇ ਤੇ ਆਈ ਹਾਂ।

ਕਿ ਤੂੰ ਭਰਪੂਰ ਸਾਗਰ ਤੇ ਮੈਂ ਜਨਮਾਂ ਦੀ ਤਿਹਾਈ ਹਾਂ।

-----

ਜਵਾਨੀ ਵੇਖ ਲੈ ਮੇਰੀ ਕਿਵੇਂ ਮਿੱਟੀ ਚ ਰੁਲ਼ਦੀ ਏ,

ਮੈਂ ਦਰਦਾਂ ਨੂੰ ਵਿਆਹੀ ਹਾਂ ਤੇ ਬਿਰਹੋਂ ਦੀ ਕਮਾਈ ਹਾਂ।

-----

ਨਾ ਅਪਣੇ ਹੀ ਰਹੇ ਅਪਣੇ, ਬਿਗਾਨੇ ਤਾਂ ਬਿਗਾਨੇ ਨੇ,

ਮੈਂ ਪੇਕੇ ਵੀ ਪਰਾਈ ਸੀ ਤੇ ਸਹੁਰੇ ਵੀ ਪਰਾਈ ਹਾਂ।

-----

ਬੜਾ ਜ਼ਾਲਮ ਜ਼ਮਾਨਾ ਹੈ, ਇਹ ਦੁਨੀਆ ਵੇਖ ਨ੍ਹੀਂ ਜਰਦੀ,

ਕਿ ਸੱਚੇ ਪਿਆਰ ਦੇ ਬਦਲੇ ਮੈਂ ਸੂਲ਼ੀ ਤੇ ਚੜ੍ਹਾਈ ਹਾਂ।

-----

ਜੇ ਮੇਰਾ ਪਿਆਰ ਤੱਕਿਆ ਈ, ਸਜ਼ਾ ਵੀ ਵੇਖ ਤੂੰ ਇਸਦੀ,

ਬੜੀ ਝੰਬੀ, ਨਿਚੋੜੀ ਹਾਂ, ਤਵੀ ਤੇ ਧਰ ਸੁਕਾਈ ਹਾਂ।

-----

ਬਹੁਤ ਗ਼ੈਰਾਂ ਚ ਹੁੰਦੀ ਏ ਗ਼ਜ਼ਲ ਕੁਲਜੀਤ ਦੀ ਚਰਚਾ,

ਹਮੇਸ਼ਾ ਜਿੱਤਦੀ ਹਾਂ ਪਰ ਮੁਹੱਬਤ ਦੀ ਹਰਾਈ ਹਾਂ।

Sunday, December 13, 2009

ਇਫ਼ਤਿਖ਼ਾਰ ਨਸੀਮ - ਉਰਦੂ ਰੰਗ

ਗ਼ਜ਼ਲ

ਬਹੁਤ ਹੀ ਖ਼ੁਸ਼ ਹੂਏ ਇਸ ਕੋ ਗੰਵਾ ਕੇ ਰਸਤੇ ਮੇਂ।

ਬਸ ਏਕ ਦਿਲ ਹੀ ਥਾ ਪੱਥਰ ਅਨਾ 1 ਕੇ ਰਸਤੇ ਮੇਂ।

-----

ਵੋ ਅਬ ਭੀ ਰਾਸਤਾ ਭੂਲੇ ਤੋ ਮੇਰੀ ਕਿਸਮਤ ਹੈ,

ਚਰਾਗ਼ ਰਖ ਦੀਏ ਮੈਨੇ ਜਲਾ ਕੇ ਰਸਤੇ ਮੇਂ।

-----

ਵੋ ਜੌਹਰੀ ਮੁਝੇ ਐਸੇ ਹੀ ਦੇਖ ਲੇ ਸ਼ਾਇਦ,

ਖੜ੍ਹਾ ਤੋ ਮੈਂ ਭੀ ਹੂੰ ਖ਼ੁਦ ਕੋ ਸਜਾ ਕੇ ਰਸਤੇ ਮੇਂ।

-----

ਅਭੀ ਨਹੀਂ ਹੈ ਮੁਝੇ ਇਲਮ ਦੋਸਤ ਦੁਸ਼ਮਨ ਕਾ,

ਕਿ ਮੈਂ ਅਭੀ ਹੂੰ ਕਿਸੀ ਕਰਬਲਾ ਕੇ ਰਸਤੇ ਮੇਂ।

-----

ਯੇ ਕਿਸ ਕੇ ਵਾਸਤੇ ਘਰ ਸੇ ਨਿਕਲ ਪੜੇ ਹੋ ਨਸੀਮ!

ਬਦਨ ਕੀ ਖ਼ਾਕ ਕੋ ਲੇਕਰ ਹਵਾ ਕੇ ਰਸਤੇ ਮੇਂ।

*****

ਔਖੇ ਸ਼ਬਦਾਂ ਦੇ ਅਰਥ ਅਨਾ ਅਣਖ

*****

ਗ਼ਜ਼ਲ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ

Saturday, December 12, 2009

ਡਾ: ਕੌਸਰ ਮਹਿਮੂਦ - ਉਰਦੂ ਰੰਗ

ਦੋਸਤੋ! ਪਾਕਿਸਤਾਨ ਵਸਦੇ ਸ਼ਾਇਰ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨੇ ਆਪਣੀ ਲਿਖੀਆਂ ਕੁਝ ਖ਼ੂਬਸੂਰਤ ਨਜ਼ਮਾਂ ਭੇਜ ਕੇ ਮੇਰੀ ਚੁੱਪ ਨੂੰ ਟੁੱਟਣ ਅਤੇ ਮੈਨੂੰ ਮੁਸਕਰਾਉਣ ਤੇ ਆਖਿਰ ਮਜਬੂਰ ਕਰ ਹੀ ਦਿੱਤਾ। ਬੀਮਾਰ ਰਹਿਣ ਕਰਕੇ, ਤਕਰੀਬਨ ਇਹ ਸਾਰਾ ਸਾਲ ਹੀ ਮੈਂ ਚੁੱਪ ਰਹੀ ਹਾਂ...ਹੁਣ ਤੱਕ ਬਹੁਤੇ ਨਜ਼ਦੀਕੀ ਸਾਹਿਤਕ ਦੋਸਤ ਮੇਰੀ ਚੁੱਪ ਦੇ ਆਦੀ ਵੀ ਹੋ ਗਏ ਹਨ। ਕੁਝ ਇਕ ਨੇ ਮੈਨੂੰ ਉਨਾਂ ਦੇ ਬਲੌਗ ਤੇ ਫੇਰੀ ਨਾ ਪਾ ਸਕਣ ਜਾਂ ਈਮੇਲਾਂ ਦਾ ਜਵਾਬ ਸਮੇਂ ਸਿਰ ਨਾ ਦੇਣ ਕਰਕੇ ਜਾਂ ਜਿਨ੍ਹਾਂ ਬਲੌਗਾਂ ਦਾ ਕੰਟਰੋਲ ਮੇਰੇ ਕੋਲ਼ ਸੀ, ਉਹਨਾਂ ਨੂੰ ਵਕ਼ਤ ਸਿਰ ਅਪਡੇਟ ਨਾ ਕਰ ਸਕਣ ਕਰਕੇ ਆਕੜਖ਼ੋਰ ਹੋਣ ਦਾ ਖ਼ਿਤਾਬ ਵੀ ਦੇ ਦਿੱਤਾ। ਪਰ ਅੱਜ ਅੱਖਾਂ ਨੂੰ ਵਹਿਣੋਂ ਰੋਕ ਨਾ ਸਕੀ, ਕਿਉਂਕਿ ਅਸਲੀ ਦੋਸਤ ਤਾਂ ਉਹੀ ਹਨ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤ ਚ ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਹੈ।

ਡਾ: ਕੌਸਰ ਸਾਹਿਬ ਉਹਨਾਂ ਦੋਸਤਾਂ ਚੋਂ ਇੱਕ ਨੇ, ਜਿਨ੍ਹਾਂ ਦੀ ਕਿਸੇ ਵੀ ਈਮੇਲ ਜਾਂ ਫੋਨ ਕਾਲ ਦਾ ਜਵਾਬ ਦੇਣ ਚ ਮੈਂ ਅਸਮਰੱਥ ਰਹੀ, ਪਰ ਉਹ ਮੁਸੱਲਸਲ ਕੁਝ ਨਾ ਕੁਝ ਲਿਖ ਕੇ ਭੇਜਦੇ ਰਹੇ। ਡਾ: ਸਾਹਿਬ ਦੀ ਸ਼ਾਇਰੀ ਦੀ ਮੈਂ ਹਮੇਸ਼ਾ ਤੋਂ ਕਾਇਲ ਰਹੀ ਹਾਂ। ਆਖਦੇ ਹੁੰਦੇ ਨੇ ਕਿ ਤਨਦੀਪ ਜਦੋਂ ਤੂੰ ਕਿਤਾਬ ਛਪਵਾ ਕੇ ਪਾਕਿਸਤਾਨ ਆਈ, ਅਸੀਂ ਪੰਜ-ਸੱਤ ਸ਼ਾਇਰਾਂ ਨੇ ਰਲ਼ ਕੇ ਤੇਰੀ ਕਿਤਾਬ 2-4 ਘੰਟਿਆਂ ਚ ਗੁਰਮੁਖੀ ਤੋਂ ਸ਼ਾਹਮੁਖੀ ਚ ਲਿਪੀਅੰਤਰ ਕਰਕੇ ਦੂਜੇ ਦਿਨ ਛਪਣੀ ਵੀ ਦੇ ਦੇਣੀ ਹੈ। ਏਨੀ ਮੁਹੱਬਤ ਨੂੰ ਤਾਂ ਸਿਰ ਝੁਕਾ ਕੇ ਸਲਾਮ ਹੀ ਕੀਤਾ ਜਾ ਸਕਦਾ ਹੈ...! ਜੋ ਡਾ: ਸਾਹਿਬ ਨੇ ਈਮੇਲ ਚ ਘੱਲਿਆ ਹੈ, ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਜਾ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

********

ਕੌਨ ਥੀ ਵੋ

ਨਜ਼ਮ

ਕੌਨ ਥੀ ਵੋ

ਮਾਲੂਮ ਨਹੀਂ

ਪਰ....

ਇਕ ਅਨਜਾਨ ਕਸ਼ਿਸ਼ ਥੀ ਉਸ ਮੇਂ

ਜੈਸੇ ਦੂਰ ਸੁਲਗਤੇ ਸੰਦਲ ਕੀ

ਬਰਫ਼ੀਲੀ ਆਗ

ਜੈਸੇ ਏਕ ਰਿਸ਼ੀ ਕੇ ਚਿਹਰੇ ਪਰ ਖਿਲਤਾ ਹੋ

ਜੋਗ ਤਿਆਗ

ਜੈਸੇ ਬਿਰਹਾ ਕੀ ਸ਼ਬਨਮ ਮੇਂ ਭੀਗਾ

ਤੇਵਰ ਸੁਰ ਕਾ ਰਾਗ

ਕੌਨ ਥੀ ਵੋ

ਮਾਲੂਮ ਨਹੀਂ...

...........

ਕੌਨ ਥੀ ਵੋ

ਮਾਲੂਮ ਨਹੀਂ...

ਪਰ ਉਸਕੇ ਭਰੇ ਭਰਾਏ ਬਦਨ ਮੇਂ

ਜਨਮੋਂ ਕਾ ਥਾ ਏਕ ਗੁਦਾਲ

ਔਰ ਨਾ ਜਾਨੇ

ਕਿਤਨੇ ਜ਼ਮਾਨੇ ਪਰ ਫ਼ੈਲੀ ਥੀ

ਉਸਕੀ ਨਰਮ ਖ਼ਿਰਾਮ ਆਵਾਜ਼

ਉਸਕੇ ਮਾਥੇ ਕੀ ਬਿੰਦੀਆ ਮੇਂ

ਸਿਮਟੀ ਹੂਈ ਥੀ

ਕੁਤਬੀ ਸਿਤਾਰੇ ਕੀ ਝਿਲਮਿਲ

ਉਸਕੇ ਬਾਏਂ ਕਾਂਧੇ ਪਰ ਥਾ

ਏਕ ਗੁਲਾਬੀ ਤਿਲ

...........

ਕੌਨ ਥੀ ਵੋ

ਮਾਲੂਮ ਨਹੀਂ...

=====

ਬਹੁਤ ਪਹਿਲੇ

ਨਜ਼ਮ

ਬਹੁਤ ਪਹਿਲੇ

ਯੇ ਲਿੱਖਾ ਜਾ ਚੁਕਾ

ਤੁਮ ਕਬ, ਕਹਾਂ,

ਔਰ ਕੈਸੇ ਲੋਗੋਂ ਮੇਂ ਜਨਮ ਲੋ ਗੇ

ਤੁਮਹੇਂ ਕਿਸ ਕਿਸ ਸੇ

ਕਿਤਨੀ ਦੇਰ

ਮਿਲਨਾ ਹੈ

ਯੇ ਸਭ ਤੈਅ ਹੈ

ਤੋ ਫ਼ਿਰ ਸ਼ਿਕਵਾ ਇਜ਼ਾਫ਼ੀ ਹੈ

ਹਮੇਂ ਯੇ

ਲਮਹਾ-ਏ-ਮੌਜੂਦ ਕਾਫ਼ੀ ਹੈ!

Friday, December 11, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਰੰਗ ਉਸਤੇ ਹੋਰ ਗੂੜ੍ਹਾ ਦਾਗ਼ ਦਾ ਹੋਇਆ ਕਰੇ।

ਦਾਜ ਦੀ ਚਾਦਰ ਨੂੰ ਜਦ ਵੀ ਉਹ ਕੁੜੀ ਧੋਇਆ ਕਰੇ।

-----

ਆਪਣੇ ਹੀ ਘਰ ਦੇ ਅੰਦਰ, ਜਦ ਬਿਗਾਨੀ ਬਣ ਗਈ,

ਆਪਣਾ ਘਰ ਯਾਦ ਕਰਕੇ, ਹੋਰ ਵੀ ਰੋਇਆ ਕਰੇ।

-----

ਸੁਰਖ਼ੁਰੂ ਇਕ ਬਾਪ ਹੋਇਆ, ਲਾਸ਼ ਤਾਈਂ ਤੋਰ ਕੇ,

ਹੰਝੂਆਂ ਥੀਂ ਰੋਜ਼ ਹੀ ਉਹ ਲਾਸ਼ ਮੂੰਹ ਧੋਇਆ ਕਰੇ।

-----

ਤੋੜਕੇ ਜਿਸ ਵੇਲ ਨਾਲ਼ੋਂ, ਪੱਤੀ ਇਹ ਕੀਤੀ ਜੁਦਾਅ,

ਵੇਲ ਵੀ ਉਸ ਨਾਲ਼ ਹੀ, ਜੀਆ ਕਰੇ, ਮੋਇਆ ਕਰੇ।

-----

ਔਸੀਆਂ ਦਾ ਪਾਣੀ ਪਾ-ਪਾ, ਦਰਦ ਦੀ ਥਾਲ਼ੀ ਦੇ ਵਿਚ,

ਯਾਦ ਦਾ ਆਟਾ ਉਹ ਕਮਲ਼ੀ, ਬੈਠ ਕੇ ਗੋਇਆ ਕਰੇ।

-----

ਗਿਰ ਕੇ ਮਿੱਟੀ ਵਿੱਚ ਮਿੱਟੀ ਹੋ ਰਹੇ ਹੰਝੂ ਉਦ੍ਹੇ,

ਹੈ ਕੁਈ ਦਰਦੀ ਜੋ ਅੱਗੇ ਆਪਣਾ ਕੋਇਆ ਕਰੇ?

-----

ਦੇ ਦਿਓ ਜਾਕੇ ਸੁਨੇਹਾਂ, ਉਸ ਅਭਾਗਣ ਨੂੰ ਕੁਈ,

ਐਵੇਂ ਬਾਦਲ ਦੇ ਵਿਛੋੜੇ, ਵਿੱਚ ਨਾ ਰੋਇਆ ਕਰੇ।

Thursday, December 10, 2009

ਸੁਭਾਸ਼ ਕਲਾਕਾਰ - ਗ਼ਜ਼ਲ

ਸਾਹਿਤਕ ਨਾਮ: ਸੁਭਾਸ਼ ਕਲਾਕਾਰ

ਅਜੋਕਾ ਨਿਵਾਸ: ਲੁਧਿਆਣਾ, ਪੰਜਾਬ

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਸ਼ਾਮ ਦੇ ਦੀਵੇ ( 1992) ਅਤੇ ਮੈਂ ਮੁਹਾਜਿਰ ਹਾਂ ( 2005) ਪ੍ਰਕਾਸ਼ਿਤ ਹੋ ਚੁੱਕੇ ਹਨ।

-----

ਦੋਸਤੋ! ਦਵਿੰਦਰ ਸਿੰਘ ਪੂਨੀਆ ਜੀ ਨੇ ਮੈਨੂੰ ਸੁਭਾਸ਼ ਕਲਾਕਾਰ ਜੀ ਦਾ ਗ਼ਜ਼ਲ-ਸੰਗ੍ਰਹਿ ਮੈਂ ਮੁਹਾਜਿਰ ਹਾਂ ਪੜ੍ਹਨ ਲਈ ਦਿੱਤਾ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਸੋਚਿਆ ਕਿ ਅੱਜ ਕਲਾਕਾਰ ਜੀ ਦੀਆਂ ਵੱਖਰੇ ਜਿਹੇ ਰੰਗ ਦੀਆਂ ਕੁਝ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੇ ਨਾਲ਼ ਸਾਂਝੀਆਂ ਜ਼ਰੂਰ ਕਰਾਂ, ਜੋ ਮੈਨੂੰ ਬਹੁਤ ਪਸੰਦ ਆਈਆਂ ਨੇ ਤੇ ਆਸ ਹੈ ਕਿ ਤੁਹਾਡੇ ਦਿਲ ਨੂੰ ਵੀ ਜ਼ਰੂਰ ਟੁੰਬਣਗੀਆਂ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਅੱਜ ਆਪਾਂ ਉਹਨਾਂ ਦੀਆਂ ਤਿੰਨ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਖੇਤ ਦੀ ਰਾਖੀ ਕਰਨ ਫਸਲੀ ਬਟੇਰੇ, ਕਹਿਰ ਹੈ।

ਜਾਪਦਾ ਹੈ ਦੋਸਤੋ! ਕਿ ਸ਼ਹਿਰ ਜ਼ੇਰੇ-ਕਹਿਰ ਹੈ।

-----

ਝੂਠਿਆਂ ਫੁੱਲਾਂ ਦਾ ਪੌਧ ਵੀ ਜ਼ਰੂਰੀ ਹੈ ਮਗਰ,

ਜ਼ਹਿਰ ਹੁੰਦੇ ਜਾ ਰਹੇ ਸੁੱਚੇ ਲਵੇਰੇ, ਕਹਿਰ ਹੈ।

-----

ਰੇਸ਼ਮੀ ਦਾਗੇ ਦੀ ਗੁੰਝਲ਼ ਦਾ ਸਿਰਾ ਲਭਦਾ ਨਹੀਂ,

ਸ਼ਹਿਰੀਅਤ ਦਾ ਵਧ ਰਿਹਾ ਜੰਗਲ਼ ਚੁਫ਼ੇਰੇ, ਕਹਿਰ ਹੈ।

-----

ਲੋਕ ਵਿਕਦੇ ਨੇ ਅਜੇ ਤਕ ਵੀ ਜ਼ਮੀਨਾਂ ਦੀ ਤਰ੍ਹਾਂ,

ਖ਼ਾਕ ਆਪਣੀ ਖ਼ੂਨ ਵਿਚ ਗੋਂਦੇ ਪਥੇਰੇ, ਕਹਿਰ ਹੈ।

-----

ਲੋਕ ਆਸਾਰੇ-ਕਦੀਮਾ ਚੰਨ ਤਕ ਪਹੁੰਚੇ ਨੇ ਪਰ,

ਸੌਂ ਗਏ ਕ਼ਬਰਾਂ ਚ ਸਾਰੇ ਵੱਡ-ਵਡੇਰੇ, ਕਹਿਰ ਹੈ।

=====

ਗ਼ਜ਼ਲ

ਦੀਪਕ ਰਾਗ ਸੁਣਾਏ ਚੁੱਪ ਵਿਚ ਸ਼ੋਰ ਜਿਹਾ।

ਸਾਦਾ ਦਿਲ ਹਾਂ ਦਰਿਆ ਕੰਢੇ ਖ਼ੋਰ ਜਿਹਾ।

-----

ਝੂਠ ਸਮੇਂ ਦਾ ਸੱਪ ਦੀ ਟੇਢੀ ਟੋਰ ਜਿਹਾ।

ਆਪਣਾ ਸੱਚ ਹੈ ਪੈਲਾਂ ਪਾਂਦੇ ਮੋਰ ਜਿਹਾ।

-----

ਕਾਸ਼ ! ਕਿ ਵੇਖੇ ਤੂੰ ਵੀ ਸਾਡਾ ਲੁਧਿਆਣਾ,

ਕਾਸ਼ ! ਕਿ ਵੇਖਾਂ ਮੈਂ ਵੀ ਸ਼ਹਿਰ ਲਹੌਰ ਜਿਹਾ।

-----

ਤੂੰ ਚਾਹੇਂ ਜ਼ੰਜੀਰ ਬਣਾ ਵੀ ਸਕਦੇ ਹਾਂ,

ਹਾਲੇ ਸਾਡਾ ਰਿਸ਼ਤਾ ਕੱਚੀ ਡੋਰ ਜਿਹਾ।

-----

ਇਕ ਦੂਜੇ ਨੂੰ ਹਸਦੇ ਮੱਥੇ ਮਿਲ਼ਦੇ ਹਾਂ,

ਤਾਜ ਮਹਿਲ ਵੀ ਹੈ ਤਾਂ ਅੰਦਰੋਂ ਗੋਰ ਜਿਹਾ।

-----

ਸ਼ਾਇਰ ਹੈਂ ਤਾਂ ਸੱਚੇ ਲੋਕਾਂ ਬਾਰੇ ਲਿਖ,

ਦੁਨੀਆਂ ਦਾ ਦਿਲ ਕਾਗ਼ਜ਼ ਨਵਾਂ ਨਕੋਰ ਜਿਹਾ।

-----

ਮੇਰੇ ਭਾਣੇ ਕਿੰਨੇ ਮੌਸਮ ਬੀਤ ਗਏ,

ਤੇਰਾ ਮਿਲ਼ਣਾ ਵਰਖਾ ਰੁੱਤ ਦੇ ਲੋਰ ਜਿਹਾ।

-----

ਆ ਤੇਰੇ ਜੂੜੇ ਵਿਚ ਗਜਰਾ ਟੁੰਗ ਦਿਆਂ,

ਸਾਵਣ ਰੁੱਤ ਵਿਚ ਬਿਜਲੀ ਦੀ ਲਿਸ਼ਕੋਰ ਜਿਹਾ।

=====

ਗ਼ਜ਼ਲ

ਸ਼ਾਮ ਦੇ ਦੀਵੇ ਹੌਲ਼ੀ ਹੌਲ਼ੀ ਸੁਬਹ ਤੀਕਰ ਬਲ਼ ਜਾਂਦੇ ਨੇ।

ਰਾਤਾਂ ਦੇ ਪਰਛਾਵੇਂ ਵਿਚ ਵੀ ਸੂਰਜ ਦੇ ਕਣ ਢਲ਼ ਜਾਂਦੇ ਨੇ।

-----

ਨਦੀਆਂ ਵਿਚ ਬਰਸਾਤੀ ਨਾਲ਼ੇ ਆਪਣਾ ਆਪ ਗੁਆਂਦੇ ਜਿੱਦਾਂ,

ਦੁਨੀਆਂ ਭਰ ਦੇ ਦੁੱਖਾਂ ਵਿਚ ਕੁਝ ਤੇਰੇ ਗ਼ਮ ਵੀ ਰਲ਼ ਜਾਂਦੇ ਨੇ।

-----

ਸੁੱਤੇ ਨੈਣਾਂ ਦਾ ਮੂੰਹ ਚੁੰਮਣ ਸੁਪਨੇ ਵਿਚ ਉਸ ਆਉਂਦੇ ਨੇ ਪਰ,

ਸਰਘੀ ਵੇਲ਼ੇ ਸੱਜਣ ਸਾਨੂੰ ਅੱਥਰੂ ਬਣ ਕੇ ਛਲ਼ ਜਾਂਦੇ ਨੇ।

-----

ਬਾਸਮਤੀ ਦੀ ਸਾਵੀ ਮੁੰਜਰ ਬਣ ਜਾਂਦੀ ਪਾਸੇ ਦਾ ਸੋਨਾ,

ਭਾਵੇਂ ਬੰਜਰ ਧਰਤੀ ਉਸਨੂੰ ਦਭ ਦੇ ਬੂਝੇ ਫ਼ਲ਼ ਜਾਂਦੇ ਨੇ।

-----

ਆਖਿਰ ਵੇਖੀਂ ਮੁੱਲ ਪੈਣਾ ਹੈ ਮੇਰੇ ਹੀ ਸੱਚੇ ਸੌਦੇ ਦਾ,

ਭਾਵੇਂ ਨਿੱਤ ਨੀਲਾਮ ਘਰਾਂ ਵਿਚ ਖੋਟੇ ਸਿੱਕੇ ਚਲ ਜਾਂਦੇ ਨੇ।

-----

ਤੂੰ ਪੁਲ਼, ਤੇ ਮੈਂ ਪਾਣੀ, ਤੈਨੂੰ ਚੁੰਮਣਾ ਚਾਹੁੰਨਾ ਚੁੰਮ ਸਕਾਂ ਨਾ,

ਬਸਤੀ ਵਾਲ਼ੇ ਮੇਰੇ ਦਿਲ ਦੀ ਹਸਰਤ ਤੋਂ ਵੀ ਜਲ਼ ਜਾਂਦੇ ਨੇ।

Wednesday, December 9, 2009

ਬਾਬਾ ਬੁੱਲ੍ਹੇ ਸ਼ਾਹ - ਕਾਫ਼ੀ

ਕਾਫ਼ੀ

ਕਦੀ ਆ ਮਿਲ਼ ਬਿਰਹੋਂ ਸਤਾਈ ਨੂੰ।

ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,

ਤੂੰ ਕੀ ਜਾਣੇਂ ਪੀੜ ਪਰਾਈ ਨੂੰ।

ਕਦੀ ਆ ਮਿਲ਼....

-----

ਜੋ ਕੋਈ ਇਸ਼ਕ ਵਿਹਾਜਿਆ ਲੋੜੇ,

ਸਿਰ ਦੇਵੇ ਪਹਿਲੇ ਸਾਈਂ ਨੂੰ।

ਕਦੀ ਆ ਮਿਲ਼....

-----

ਅਮਲਾਂ ਵਾਲ਼ੀਆਂ ਲੰਘ ਲੰਘ ਗਈਆਂ,

ਸਾਡੀਆਂ ਲੱਜਾਂ ਮਾਹੀ ਨੂੰ।

ਕਦੀ ਆ ਮਿਲ਼....

-----

ਗ਼ਮ ਦੇ ਵਹਿਣ ਸਿਤਮ ਦੀਆਂ ਕਾਂਗਾਂ,

ਕਿਸੇ ਕਅਰ 1 ਕੱਪੜ ਵਿਚ ਪਾਈ ਨੂੰ।

ਕਦੀ ਆ ਮਿਲ਼....

-----

ਮਾਂ ਪਿਓ ਛੱਡ ਮੈਂ ਸਈਆਂ ਭੁੱਲੀਆਂ,

ਬਲਿਹਾਰੀ ਰਾਮ ਦੁਹਾਈ ਨੂੰ।

ਕਦੀ ਆ ਮਿਲ਼....

*****

ਔਖੇ ਸ਼ਬਦਾਂ ਦੇ ਅਰਥ ਕਅਰ ਥੇਹ, ਡੂੰਘਾਈ

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਅਜੇ ਦਰਪੇਸ਼ ਡਰ ਹੈ ਕਾਫ਼ਲੇ ਨੂੰ

ਜ਼ਰਾ ਇਹ ਰਾਤ ਕਟ ਜਾਵੇ ਤਾਂ ਜਾਵੀਂ।

ਸਫ਼ਰ ਦਾ ਨ੍ਹੇਰ ਖ਼ੌਰੇ ਕਦ ਮਿਟੇਗਾ

ਜੇ ਮਨ ਦੀ ਧੁੰਦ ਛਟ ਜਾਵੇ ਤਾਂ ਜਾਵੀਂ

-----

ਮੈਂ ਮੰਨਦਾ ਹਾਂ ਤਿਰੇ ਸੀਨੇ ਦੇ ਅੰਦਰ

ਬੜੀ ਇੱਛਾ ਹੈ ਖ਼ੁਦ ਨੂੰ ਪਾਉਣ ਦੀ, ਪਰ

ਇਹ ਜਲ, ਧਰਤੀ, ਹਵਾ, ਆਕਾਸ਼ ਸਭ-ਕੁਛ

ਤਿਰੇ ਅੰਦਰ ਸਿਮਟ ਜਾਵੇ ਤਾਂ ਜਾਵੀਂ

-----

ਜੇ ਚਾਹੁੰਨਾ ਏਂ ਕਿ ਸੁਰ-ਸ਼ਾਲਾ ਦੇ ਅੰਦਰ

ਖਿੜੇ ਸਰਗ਼ਮ ਨਵੇਂ ਫੁੱਲਾਂ ਦੇ ਵਾਂਗਰ

ਜਦੋਂ ਪਹਿਚਾਣ ਤੇਰੇ ਪੋਟਿਆਂ ਦੀ

ਸੁਰਾਂ ਦੇ ਨਾਲ਼ ਵਟ ਜਾਵੇ ਤਾਂ ਜਾਵੀਂ

-----

ਅਜੇ ਤੂੰ ਭਟਕਣੈਂ ਕੁਝ ਹੋਰ ਦਰ-ਦਰ

ਬੜਾ ਗੂੜ੍ਹਾ ਹੈ ਹਾਲੇ ਪੈਰ ਚੱਕਰ

ਅਜੇ ਘਰ ਜਾਣ ਦਾ ਵੇਲ਼ਾ ਨਹੀਂ ਹੈ

ਜਿਗਰ ਦੀ ਚੀਸ ਹਟ ਜਾਵੇ ਤਾਂ ਜਾਵੀਂ

Tuesday, December 8, 2009

ਸ਼ਾਹ ਹੁਸੈਨ - ਕਾਫ਼ੀ

ਕਾਫ਼ੀ

ਸਾਧਾਂ ਦੀ ਮੈਂ ਗੋਲੀ ਹੋਸਾਂ,

ਗੋਲੀਆਂ ਦੇ ਕਰਮ ਕਰੇਸਾਂ,

ਚਉਂਕਾ ਫੇਰੀਂ ਮੈਂ ਦੇਈ ਬੁਹਾਰੀ,

ਜੂਠੇ ਬਾਸਨ ਧੋਸਾਂ।

-----

ਪਿਪਲ ਪਤੁ ਚੁਣੇਂਦੀ ਵੱਤਾ,

ਲੋਕ ਜਾਣੇ ਦੇਵਾਨੀ।

ਗਹਿਲਾ ਲੋਕ ਨ ਹਾਲ ਦਾ ਮਹਿਰਮ,

ਮੈਨੂੰ ਬਿਰਹੁਂ ਲਗਾਈ ਕਾਨੀਂ।

-----

ਲੋਕਾਂ ਸੁਣਿਆ ਦੇਸਾਂ ਸੁਣਿਆ,

ਹੀਰ ਬੈਰਾਗਨਿ ਹੋਈ।

ਇਕ ਸੁਣੇਂਦਾ ਲੱਖ ਸੁਣੇ,

ਮੇਰਾ ਕਹਾਂ ਕਰੈਗਾ ਕੋਈ।

-----

ਸਾਵਲ ਦੀ ਮੈਂ ਬਾਂਦੀ ਬਰਦੀ,

ਸਾਵਲ ਮੈਂਹਡਾ ਸਾਈਂ।

ਕਹੈ ਹੁਸੈਨ ਫ਼ਕੀਰ ਨਿਮਾਣਾ,

ਸਾਈਂ ਸਿੱਕਦੀ ਨੂੰ ਦਰਸੁ ਦਿਖਾਈ।

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਜ਼ਿੰਦਗੀ ਦੀ ਪੀਂਘ ਨੂੰ ਐਸਾ ਹੁਲਾਰਾ ਆ ਗਿਆ।

ਹੁਣ ਮੇਰੇ ਪੈਰਾਂ ਦੇ ਨੇੜੇ ਹਰ ਸਿਤਾਰਾ ਆ ਗਿਆ।

-----

ਇਸ਼ਕ ਦੇ ਸਭ ਗਿਲੇ ਸ਼ਿਕਵੇ ਓਸ ਦੇ ਵਿਚ ਵਹਿ ਗਏ,

ਹੁਸਨ ਦੇ ਨੈਣਾਂ ਚ ਜਦ ਇਕ ਹੰਝੂ ਖਾਰਾ ਆ ਗਿਆ।

-----

ਦੇ ਗਈ ਉਸ ਨੂੰ ਝਕਾਨੀ ਮਹਿਕ ਉਸ ਦੀ ਨਾਫ਼ ਦੀ,

ਜਿਸ ਨੂੰ ਲੱਭਦਾ ਜਾਲ਼ ਅੰਦਰ ਹਿਰਨ ਪਿਆਰਾ ਆ ਗਿਆ।

-----

ਜਾਣਦਾ ਸੀ ਉਹ ਕਿ ਉਸ ਨੂੰ ਹਰ ਕਿਸੇ ਦੁਤਕਾਰਨਾ,

ਦਰਦ ਮੇਰੇ ਕੋਲ਼ ਏਸੇ ਡਰ ਦਾ ਮਾਰਾ ਆ ਗਿਆ।

-----

ਰੋਕਿਓ ਮੇਰਾ ਜਨਾਜ਼ਾ ਪਲ ਦੋ ਪਲ ਲਈ ਰੋਕਿਓ!

ਕਰ ਲਵਾਂ ਦੀਦਾਰ ਸੱਜਣ ਦਾ ਦੁਆਰਾ ਆ ਗਿਆ।

Monday, December 7, 2009

ਹਰਦਮ ਸਿੰਘ ਮਾਨ - ਗ਼ਜ਼ਲ

ਗ਼ਜ਼ਲ

ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ ਨਵੇਂ

ਗਾਹੁਣਾ ਚਾਹੇ, ਆਦਮੀ ਨਿੱਤ ਅੰਬਰ ਨਵੇਂ ਨਵੇਂ

-----

ਸੁਪਨਿਆਂ ਵਿਚ ਵੇਖਦਾਂ ਹਾਂ ਮੰਜ਼ਰ ਨਵੇਂ ਨਵੇਂ

ਅੱਖ ਖੁੱਲ੍ਹੇ ਨਜ਼ਰ ਆਵਣ ਖੰਡਰ ਨਵੇਂ ਨਵੇਂ

-----

ਹੁਣ ਪੁਰਾਣੇ ਯਾਰ ਦਾ ਖ਼ਤ ਮਿਲਦੈ ਜਦੋਂ ਕਦੇ,

ਮੇਰੀਆਂ ਅੱਖਾਂ 'ਚ ਚੁਭਦੇ ਅੱਖਰ ਨਵੇਂ ਨਵੇਂ

-----

ਤੂੰ ਹੀ ਦੱਸ ਕਿ ਕਿਹੜੇ ਦਰ ਤੇ ਦਸਤਕ ਦਿਆਂ ਮੈਂ ਯਾਰ!

ਉੱਗੇ ਨੇ ਹਰ ਦੇਹਲ਼ੀ ਉਤੇ ਖ਼ੰਜਰ ਨਵੇਂ ਨਵੇਂ

-----

ਭਟਕਣਾ ਦੇ ਦੌਰ ਦੇ ਅੰਤ ਦਿਸਦਾ ਨਹੀਂ ਕਿਤੇ,

ਹਰ ਕਦਮ ਤੇ ਬਣ ਰਹੇ ਨੇ ਰਾਹਬਰ ਨਵੇਂ ਨਵੇਂ

-----

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾ ਜਦੋਂ ਵੀ 'ਮਾਨ',

ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ ਨਵੇਂ

Sunday, December 6, 2009

ਅਮਰਜੀਤ ਕਸਕ - ਨਜ਼ਮ

ਦੋਸਤੋ! ਅੱਜ ਦਵਿੰਦਰ ਸਿੰਘ ਪੂਨੀਆ ਜੀ ਨੇ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਦੇ ਸੁਹਿਰਦ ਪਾਠਕ ਅਤੇ ਲੇਖਕ ਸਾਹਿਬਾਨ ਨਾਲ਼ ਸਾਂਝੀ ਕਰਨ ਲਈ ਭੇਜੀ ਹੈ। ਇਹ ਨਜ਼ਮ ਮੈਨੂੰ ਖ਼ੁਦ ਨੂੰ ਵੀ ਬਹੁਤ ਪਸੰਦ ਆਈ ਹੈ। ਦਵਿੰਦਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਅਮਰਜੀਤ ਕਸਕ ਸਾਹਿਬ ਬਾਰੇ ਅਜੇ ਕੋਈ ਸਾਹਿਤਕ ਵੇਰਵਾ ਪ੍ਰਾਪਤ ਨਹੀਂ ਹੈ, ਜਿਉਂ ਹੀ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਏਗੀ।

ਅਦਬ ਸਹਿਤ

ਤਨਦੀਪ ਤਮੰਨਾ

*************

ਰੱਬ ਰਾਗੀ ਤੇ ਜੱਟ

ਨਜ਼ਮ

ਅੰਮ੍ਰਿਤ ਵੇਲ਼ੇ

ਦਰਸ਼ਨੀ ਡਿਉੜੀ ਤੋਂ

ਹਰਿਮੰਦਰ ਵੱਲ

ਵਧ ਰਿਹਾ ਹੈ ਰਾਗੀ

ਪਹਿਲੀ ਕੀਰਤਨ ਡਿਊਟੀ ਲਈ

ਸੰਘਣੇ ਕਾਲ਼ੇ ਬੱਦਲ਼ ਨੇ

ਢਕ ਰੱਖਿਐ ਅਸਮਾਨ

ਰਾਤ ਦੇ ਪਿਛਲੇ ਪਹਿਰ

ਰੌਸ਼ਨੀਆਂ ਵਿਚ

ਗੂੜ੍ਹਾ ਸੁਰਮਈ ਲੱਗ ਰਹੈ

ਸਰੋਵਰ ਦਾ ਪਾਣੀ

ਗਿਰ ਰਹੀ ਵਿਰਲੀ ਵਿਰਲੀ ਕਣੀ

ਉਪਜ ਰਿਹਾ ਅਜਬ ਨਾਦ

..............

ਇਕ ਦਰਦ ਇਕ ਵਜਦ

ਰਾਗੀ ਦੇ ਅੰਦਰ

ਬੋਲ ਪਏ ਨੇ ਕਿੰਨੇ ਮੋਰ ਬੰਬੀਹੇ

..............

ਰਾਗੀ ਨੇ ਅਲਾਪ ਲਿਆ

ਸ਼ਬਦ ਛੋਹਿਆ

ਬਬੀਹਾ ਅੰਮ੍ਰਿਤ ਵੇਲ਼ੇ ਬੋਲਿਆ

ਤਾਂ ਦਰ ਸੁਣੀ ਪੁਕਾਰ

ਮੇਘੇ ਨੋ ਫੁਰਮਾਨ ਹੋਆ

ਵਰਸੋ ਕਿਰਪਾ ਧਾਰ

.............

ਸ਼ੁਰੂ ਹੋ ਗਿਐ

ਕੀਰਤਨ ਦਾ ਸਿੱਧਾ ਪ੍ਰਸਾਰਣ ਰੇਡਿਓ ਤੋਂ

ਇਹ ਸਾਉਣ ਨਹੀਂ

ਵੈਸਾਖ ਹੈ

ਬੇਮੌਸਮੇ ਮੇਘਲ਼ੇ ਨੇ

ਰੋਲ਼ ਕੇ ਰੱਖ ਦਿੱਤੀ ਹੈ ਹਾੜ੍ਹੀ

ਕਿਤੇ ਬੋਹਲ ਕਿਤੇ ਭਰੀਆਂ

ਡੁੱਬ ਰਹੀਆਂ ਨੇ ਪਾਣੀ ਵਿਚ

ਕਿਤੇ ਵੱਢਣ ਨੂੰ

ਪੱਕੀਆਂ ਖੜ੍ਹੀਆਂ ਕਣਕਾਂ

ਮੋਈਆਂ ਹਾਰ

ਗਿਰੀਆਂ ਪਈਆਂ ਨੇ ਚੌਫ਼ਾਲ

.................

ਬੋਹਲ ਢਕਣ ਲਈ

ਪੱਲੀਆਂ ਤ੍ਰਿਪਾਲ਼ਾਂ

ਪੰਡ ਚੁੱਕੀ ਖੇਤ ਨੂੰ ਜਾਂਦਾ

ਉਨੀਂਦਰਾ ਜੱਟ

ਬੁੜਬੁੜਾਉਂਦਾ ਗਾਲ੍ਹ ਵਾਹੁੰਦਾ

ਖਿਝਿਆ ਹੋਇਆ

ਝਟਕੇ ਨਾਲ਼

ਬੰਦ ਕਰ ਜਾਂਦਾ ਹੈ

ਰੇਡਿਓ।


Saturday, December 5, 2009

ਸ਼ੇਰ ਸਿੰਘ ਕੰਵਲ - ਨਜ਼ਮ

ਮਿੱਟੀ ਦੇ ਮੋਰ

ਨਜ਼ਮ

ਅਸਮਾਨ ਲਗਭਗ ਸਾਫ਼ ਹੈ

ਕੋਈ ਵਿਉਂਤ-ਵਿਧੀ ਸੋਚੀ ਜਾ ਸਕਦੀ ਹੈ

ਕੋਈ ਸਿਆਸੀ ਫ਼ਾਲ-ਪੱਚਰ ਵੀ

ਭਾਲ਼ੀ ਟੋਲ਼ੀ ਜਾ ਸਕਦੀ ਹੈ

ਬਸ, ਮਨ ਨੂੰ

ਇਕ ਮੋੜਾ ਦੇਣ ਦੀ ਲੋੜ ਹੈ

ਜਹਾਜ਼ ਦਿੱਲੀ ਦੀ ਪਟੜੀ ਤੇ

ਸੌਖਾ ਹੀ ਉੱਤਰ ਸਕਦਾ ਹੈ

ਕੋਈ ਰਾਜਸੀ-ਮਿੱਤਰ

ਬਾਂਹ ਵਿਚ ਬਾਂਹ ਪਾ ਕੇ

ਪਿੰਡ ਤੱਕ ਵੀ ਲਿਜਾ ਸਕਦਾ ਹੈ।

.........

ਪਰ ਹੁਣ ਪੈਰਾਂ ਵਿਚ, ਚਿੱਤ ਵਿਚ

ਉਹ ਲਰਜ਼ਿਸ਼, ਉਹ ਜੁੰਬਸ਼,

ਉਹ ਤਮੰਨਾ, ਉਹ ਖ਼ਾਹਿਸ਼

ਉਹ ਚਾਅ ਜਿਹਾ ਨਹੀਂ ਰਿਹਾ ਕਿ

ਪਿੰਡ ਨੂੰ ਮੁੜ ਚੱਲੀਏ!

.........

ਹੁਣ ਜੇ ਚਲੇ ਵੀ ਗਏ

ਤਾਂ ਨਾ ਤਾਂ ਮਾਂ ਨੇ

ਮੋਟਰ ਦੀ ਗੂੰਜ ਸੁਣ ਕੇ

ਭੱਜੀ-ਭੱਜੀ ਆਉਂਣਾ ਹੈ

ਤੇ ਆਪਣੀ

ਘਣ-ਪਿਆਰੀ ਛਾਤੀ ਨਾਲ਼ ਲਾਉਂਣਾ ਹੈ

ਤੇ ਨਾ ਹੀ ਕਾਹਲ਼ੀ ਕਾਹਲ਼ੀ

ਕਾਰ ਦੁਆਲ਼ੇ ਖ਼ਬਰਦਾਰ ਜਿਹਾ ਫਿਰਦਾ

ਬਾਪੂ ਇਹ ਪੁੱਛੇਗਾ

ਕੋਈ ਨਗ ਪਿੱਛੇ ਤਾਂ ਨਹੀਂ ਛੱਡ ਆਇਆ?

..............

ਜਦ ਘਰ ਦੇ ਬਨੇਰੇ ਤੋਂ

ਉਹ ਸੁੰਦਰ ਮਾਂ-ਪਿਓ

ਮੋਰ-ਮੋਰਨੀ ਹੀ ਉੱਡ ਗਏ ਹਨ

ਤਾਂ ਉਹਨਾਂ ਦੀ ਰੌਣਕ-ਰੰਗੀਨੀ

ਤੇ ਹਾਜ਼ਰੀ-ਵਿਹੂਣਾ

ਘਰ - ਕੀ ਹੋਵੇਗਾ?

ਇਹ ਮਹਿਜ਼ ਇੱਟਾਂ ਦੀ

ਇਕ ਇਮਾਰਤ ਹੋਵੇਗਾ ਨਾ!

ਭਰਾਵਾਂ ਇਸ ਚ ਜਾਲ਼ੀਦਾਰ

ਦਰਵਾਜ਼ੇ ਲੁਆ ਦਿੱਤੇ ਹੋਣਗੇ

ਵੱਧ ਤੋਂ ਵੱਧ

ਇਸਨੂੰ ਆਧੁਨਿਕ ਸਹੂਲਤਾਂ ਨਾਲ਼

ਸ਼ਿੰਗਾਰ ਦਿੱਤਾ ਹੋਵੇਗਾ!

.............

ਪਰ ਘਰ ਕੀ

ਇਹਨਾਂ ਗੱਲਾਂ ਨਾਲ਼ ਬਣਦੇ ਹਨ?

ਹਾਂ, ਦਿਸਣ ਨੂੰ

ਉੱਤੋਂ ਉੱਤੋਂ ਤਾਂ ਬਣਦੇ ਹਨ

ਪਰ ਅਸਲ ਘਰ ਤਾਂ

ਜਿਉਂਦੇ ਮਾਪਿਆਂ ਨਾਲ਼ ਹੀ ਬਣਦੇ ਹਨ

ਘਰ ਮਾਪਿਆਂ ਨਾਲ਼

ਬਹੁਕਰਾਂ ਵਾਂਗ ਬੱਝੇ ਰਹਿੰਦੇ ਹਨ

ਤੇ ਉਹਨਾਂ ਦੇ ਤੁਰਨ ਮਗਰੋਂ

ਕਈ ਵੇਰ ਤੀਲ੍ਹਿਆਂ ਵਾਂਗ ਖਿੱਲਰ ਜਾਂਦੇ ਹਨ!!

ਹੁਣ ਜਦੋਂ ਘਰ-ਬਨੇਰਿਓਂ

ਸੋਹਣੇ ਮੋਰ-ਮੋਰਨੀ ਉਡਾਰੀ ਮਾਰ ਗਏ ਹਨ

ਤਾਂ ਪਿੰਡ ਪਰਤਣ ਨੂੰ ਜੀਅ ਜਿਹਾ ਹੀ ਨਹੀਂ ਕਰਦਾ

ਉਹਨਾਂ ਦੇ ਉੱਡ ਜਾਣ ਉਪਰੰਤ ਹੁਣ ਪਿੰਡ

ਨਿਰਾਰਥਕ ਜਿਹਾ ਲੱਗਦਾ ਹੈ।

...........

ਹੁਣ ਜੇ ਚਲੇ ਵੀ ਜਾਈਏ

ਪਿੰਡ ਵਿਚ ਬਹੁਤ ਕੁਝ

ਰਹਿ ਵੀ ਨਹੀਂ ਗਿਆ ਹੋਣਾ

ਜਮਾਲੇ ਦੇ ਕੁੱਤੇ!

ਬਿੰਦਰੇ ਦੇ ਕਬੂਤਰ!!

ਤੇ ਬੂਟੇ ਦੇ ਸ਼ਿਕਾਰੀ!!!

ਸਭ ਮਰ ਗਏ ਹੋਣਗੇ।

.............

ਦਿਲ ਕਦੇ-ਕਦੇ ਸਮੁੰਦਰ ਵਾਂਗ ਉੱਛਲ਼ਦਾ ਹੈ

ਉੱਛਲ਼-ਉੱਛਲ਼ ਕੇ ਭਰਦਾ ਹੈ

ਭਰ ਭਰ ਕੇ ਉੱਤਰਦਾ ਹੈ

ਅਸਮਾਨ ਵੀ ਹੁਣ ਤਾਂ ਸਮਝੋ

ਲਗਭਗ ਸਾਫ਼ ਹੀ ਹੈ

ਕੋਈ ਵਿਉਂਤ-ਵਿਧੀ

ਸੋਚੀ ਜਾ ਸਕਦੀ ਹੈ

ਜਹਾਜ਼ ਦਿੱਲੀ ਦੀ ਪਟੜੀ ਤੇ

ਸੌਖਾ ਹੀ ਉੱਤਰ ਸਕਦਾ ਹੈ

ਪਰ ਹੁਣ

ਜਾਣ ਨੂੰ ਮਨ ਜਿਹਾ ਹੀ ਨਹੀਂ ਮੰਨਦਾ

ਕਿਉਂਕਿ ਪਿਆਰੇ ਮੋਰ ਮੋਰਨੀ

ਘਰ ਦੇ ਬਨੇਰੇ ਤੋਂ

ਉਡਾਰੀ ਮਾਰ ਗਏ ਹਨ।